ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੀਰ ਵਾਰਿਸ਼ ਸਾਹ ਨੂੰ ਸਮਰਿਪਤ ਸੁਰਮਈ ਸ਼ਾਮ ਅਮਿੱਟ ਛਾਪ ਛੱਡ ਗਈ
- ਸ.ਸੁਖਵਿੰਦਰ ਸਿੰਘ ਫੁੱਲ, ਡਾਕਟਰ ਜੋਗਾ ਸਿੰਘ ਭਾਸ਼ਾ ਵਿਗਿਆਨੀ ਦਾ ਕੈਨੇਡਾ ਦੀ ਧਰਤੀ ਤੇ ਵਿਸ਼ੇਸ਼ ਸਨਮਾਨ
- ਬਾਬਾ ਗਰੁੱਪ ਹੁਸਨੈਨ ਅਕਬਰ ਨੇ ਹੀਰ ਦਾ ਅਸਲ ਸੱਚ ਦੱਸਿਆ
ਬਰੈਂਪਟਨ (30 ਅਕਤੂਬਰ )- ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੀਰ ਵਾਰਿਸ਼ ਸ਼ਾਹ ਨੂੰ ਸਮਰਿਪਤ ਇਕ ਸੁਰਮਈ ਸ਼ਾਮ ਵਿਲੱਖਣ ਰੰਗ ਦਰਸ਼ਕਾਂ ਅਤੇ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਈ
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਕੈਨੇਡਾ ਦੇ ਉੱਘੇ ਕਾਰੋਬਾਰੀ ਸ.ਸੁਬੇਗ ਸਿੰਘ ਕਥੂਰੀਆ (ਵੀਲੇਜ ਆਫ ਇੰਡੀਆ) ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਦੇ ਆਸ਼ੀਰਵਾਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਸੁਰਮਈ ਸ਼ਾਮ ਵਿਚ ਪਾਕਿਸਤਾਨ ਤੋਂ ਆਏ ਬਾਬਾ ਗਰੁੱਪ ਦੇ ਮੁਖੀ ਹੁਸਨੈਨ ਅਕਬਰ ਨੇ ਪੀਰ ਵਾਰਿਸ਼ ਸ਼ਾਰ ਨੂੰ ਸਮਰਪਿਤ ਵਿਲੱਖਣ ਢੰਗ ਨਾਲ ਹੀਰ ਦਾ ਗਾਇਨ ਕੀਤਾ। ਉਹਨਾਂ ਆਪਣੀ ਗਾਇਕੀ ਦੌਰਾਨ ਦਰਸ਼ਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਅਸਲ ਵਿਚ ਪੀਰ ਵਾਰਿਸ਼ ਸ਼ਾਹ ਨੇ ਹੀਰ ਅੰਦਰ ਮਨੁੱਖ ਦੇ ਅੰਦਰ ਵਾਲੀ ਰੂਹ ਬਾਰੇ ਜਿਕਰ ਕੀਤਾ ਹੈ ਅਤੇ ਅਸਲ ਵਿਚ ਹਰੇਕ ਮਨੁੱਖ ਦੇ ਅੰਦਰ ਹੀਰ ਰੂਪੀ ਰੂਹ ਹੈ। ਇਸ ਨੂੰ ਅਸੀਂ ਖੁਦ ਪਹਿਚਾਣ ਦੇ ਨਹੀਂ। ਪਰ ਅੱਜ ਔਖੇ ਸਮੇਂ ਵਿਚ ਇਸ ਨੂੰ ਪਹਿਚਾਣਕੇ ਹੀ ਪਰਮਾਤਮਾ ਦੇ ਆਨੰਦ ਦੀ ਪ੍ਰਾਪਤੀ ਸੰਭਵ ਹੈ।



ਇਸ ਸੁਰਮਈ ਸ਼ਾਮ ਵਿਚ ਪੰਜਾਬੀ ਲੋਕ ਗਾਇਕਾ ਸੁੱਖੀ ਬਰਾੜ ਅਤੇ ਇਕਬਾਲ ਸਿੰਘ ਬਰਾੜ ਕੈਨੇਡਾ ਨੇ ਵੀ ਆਪਣੀ ਕਲਾ ਦਾ ਜੌਹਰ ਦਿਖਾਇਆ। ਇਸ ਸੁਰਮਈ ਸ਼ਾਮ ਵਿਚ ਮੁੱਖ ਮਹਿਮਾਨ ਵਜੋਂ ਸਰਦਾਰ ਸੁਖਵਿੰਦਰ ਸਿੰਘ ਫੁੱਲ ਸਟਾਫ ਰਿਪੋਰਟਰ ਅਤੇ ਸੀਨੀਅਰ ਪੱਤਰਕਾਰ ਅਦਾਰਾ ਅਜੀਤ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ। ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਜੋਗਾ ਸਿੰਘ ਵਿਰਕ ਭਾਸ਼ਾ ਵਿਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਦੋਨਾਂ ਮਹਿਮਾਨਾਂ ਨੂੰ ਵਿਸ਼ਵ ਪੰਜਾਬੀ ਸਭਾਂ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਵੱਲੋਂ ਵਿਸ਼ੇਸ਼ ਤੌਰ ‘ ਤੇ ਸਨਮਾਨਿਤ ਕੀਤਾ ਗਿਆ।
ਇਸ ਸੁਰਮਈ ਸ਼ਾਮ ਵਿਚ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਨੂੰ ਵਿਸ਼ਵ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਪ੍ਰੈਜੀਡੈਂਟ ਸੰਤੋਸ਼ ਸ਼ੁਕਲਾ ਨੇ ਪੰਜਾਬੀ ਮਾਂ ਬੋਲੀ ਲਈ ਵਿਲੱਖਣ ਕਾਰਜ ਕਰਨ ਬਦਲੇ ਵਿਸ਼ੇਸ਼ ਸਨਮਾਨ ਤੇ ਇਕ ਪਲੇਕ (ਸਾਇਟੇਸ਼ਨ) ਅਤੇ ਸ਼ਾਲ ਨਾਲ ਸਨਮਾਨਿਤ ਕੀਤਾ।



ਇਸ ਸਾਇਟੇਸ਼ਨ ਅਤੇ ਸ਼ਾਲ ਨੂੰ ਇੰਗਲੈਂਡ ਤੋਂ ਵਿਸ਼ਵ ਰਿਕਾਰਡ ਹੋਲਡਰ ਪਵਨ ਕੈਲੇ ਲੈ ਕੇ ਪਹੁੰਚੇ। ਜਿਕਰਯੋਗ ਹੈ ਕਿ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਜੇਬ ਵਿਚੋਂ ਸਾਰਾ ਖਰਚਾ ਕਰਕੇ ਹੁਣ ਤੱਕ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਪੂਰੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਬੀਤੇ ਮਹੀਨੇ ਬਸ ਯਾਤਰਾ ਕੱਢੀ। ਅੰਤਰਰਾਸ਼ਟਰੀ ਮਾਂ ਬੋਲੀ ਨੂੰ ਸਮਰਪਿਤ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ, (ਪਾਕਿਸਤਾਨ), ਦੁਬਈ ਅਤੇ ਬੀਤੇ 16 ਅਗਸਤ ਤੋਂ 18 ਅਗਸਤ ਤੱਕ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਕੇ ਪੰਜਾਬੀ ਮਾਂ ਬੋਲੀ ਦੇ ਸਪੂਤ ਹੋਣ ਦਾ ਫਰਜ਼ ਅਦਾ ਕੀਤਾ।
ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਸ. ਇੰਦਰਜੀਤ ਸਿੰਘ ਬੱਲ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਡਾਕਟਰ ਦਲਬੀਰ ਸਿੰਘ ਕਥੂਰੀਆ ਵੱਲੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਿਸ਼ਵ ਪੰਜਾਬੀ ਭਵਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸ਼ਖਸ਼ੀਅਤਾਂ ਲਈ ਖੋਲ ਦਿੱਤਾ ਹੈ, ਤਾਂ ਜੋ ਉਹ ਬਿਨਾਂ ਕਿਸੇ ਫੀਸ ਦੇ ਇਸ ਭਵਨ ਵਿਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਰਗਰਮੀਆਂ ਕਰ ਸਕਣ। ਸ. ਬੱਲ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਅਜਿਹਾ ਵਿਲੱਖਣ ਕਾਰਜ ਕੋਈ ਕੈਨੇਡਾ ਵਿਚ ਨਹੀਂ ਕਰ ਸਕਿਆ ਜੋ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਕਰ ਦਿੱਤਾ। ਉਹਨਾਂ ਆਖਿਆ ਕਿ ਵਿਸਵ ਪੰਜਾਬੀ ਭਵਨ ਵਿਚ ਜਿੱਥੇ 300 ਤੋਂ ਵੱਧ ਵਿਅਕਤੀਆਂ ਦੇ ਬੈਠਣ ਦੀ ਜਗ੍ਹਾਂ ਏ. ਸੀ ਹਾਲ ਸਾਊਂਡ ਪਰੂਫ, ਖੁੱਲੀ ਡੁੱਲੀ ਪਾਰਕਿੰਗ ਅਤੇ ਮੁੱਖ ਮਹਿਮਾਨਾ ਦੇ ਬੈਠਣ ਦੀ ਵਿਸੇਸ਼ ਥਾਂ ਦੀ ਵਿਵਸਥਾ ਹੈ।



ਉਹਨਾਂ ਇਕ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਜੇ ਕੈਨੇਡਾ ਦੇ ਬਰੈਂਪਟਨ ਵਿਚ ਇਸ ਜਗ੍ਹਾਂ ਦਾ ਕਿਰਾਇਆ ਗਿਣਿਆ ਜਾਵੇ ਤਾਂ 10 ਹਜ਼ਾਰ ਡਾਲਰ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਵੇਗਾ ਪਰ ਵੱਡੇ ਦਿਲ ਵਾਲੇ ਕਥੂਰੀਆ ਪਰਿਵਾਰ ਨੇ ਪੰਜਾਬੀ ਮਾਂ ਬੋਲੀ ਦੇ ਦਾਨਸਮੰਦਾਂ ਲਈ ਬਿਨਾਂ ਕਿਰਾਏ ਤੋਂ ਖੋਲਕੇ ਕੈਨੇਡਾ ਦੇ ਇਤਿਹਾਸ ਵਿਚ ਇਕ ਵਿਲੱਖਣ ਪਿਰਤ ਪਾਈ ਹੈ। ਇਸ ਮੌਕੇ ਹਾਜ਼ਰ ਦਰਸ਼ਕਾਂ ਨੇ 3 ਘੰਟੇ ਇਸ ਸੁਰਮਈ ਸ਼ਾਮ ਦਾ ਇਕ ਚਿੱਤ ਹੋ ਕੇ ਆਨੰਦ ਮਾਣਿਆ ਇਹ ਸੁਰਮਈ ਸ਼ਾਮ ਵਿਚ ਹਾਜ਼ਰ ਦਰਸ਼ਕਾਂ ਨੇ ਡਾਕਟਰ ਦਲਬੀਰ ਸਿੰਘ ਕਥੂਰੀਆ ਅਤੇ ਵਿਸ਼ਵ ਪੰਜਾਬੀ ਸਭਾ ਦੀ ਸਮੁੱਚੀ ਟੀਮ ਨੂੰ ਸਮਾਗਮ ਦੀ ਸਫਲਤਾ ਦੀ ਵਧਾਈ ਦਿੱਤੀ ਅਤੇ ਭਵਿੱਖ ਵਿਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਰਜਾ ਵਿਚ ਭਰਵੀਂ ਸਮੂਲੀਅਤ ਕਰਨ ਦੀ ਹਾਮੀ ਵੀ ਭਰੀ।.

