ਵਿਸ਼ਵ ਪੰਜਾਬੀ ਸਭਾ ਦੀ ਤੀਜੀ ਅੰਤਰਰਾਸ਼ਟਰੀ ਕਾਨਫ਼ਰੰਸ ਜ਼ੋਰਾਂ ਸ਼ੋਰਾਂ ਨਾਲ ਬਰੈਂਪਟਨ ’ਚ ਸ਼ੁਰੂ
ਵਿਸ਼ਵ ਪੰਜਾਬੀ ਸਭਾ ਕੈਨੇਡਾ ਨਵੀਂ ਪੀੜ੍ਹੀ ਨੂੰ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਨਵੀਆਂ ਪਿਰਤਾਂ ਪਾ ਰਹੀ ਹੈ- ਡਿਪਟੀ ਮੇਅਰ ਬਰੈਂਪਟਨ



ਮਾਂ ਬੋਲੀ ਲਈ ਮਾਹਿਰ ਦਾ ਸਿਰਜੋੜ ਕੇ ਯਤਨ ਕਰਨਾ ਭਵਿੱਖ ਲਈ ਸ਼ੁੱਭ ਸੰਕੇਤ: ਡਾ ਕਥੂਰੀਆ
ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਤਿੰਨ ਰੋਜ਼ਾ, ਤੀਸਰੀ ਸੰਸਾਰ ਵਿਆਪੀ ਕਾਨਫ਼ਰੰਸ ਬਰੈਂਪਟਨ ਵਿਖੇ 16 ਅਗਸਤ ਨੂੰ ਸ਼ੁਰੂ ਹੋ ਗਈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਲਈ ਵੱਡੇ ਉਪਰਾਲਿਆਂ ਨੂੰ ਸਰਮਪਿਤ ਇਸ ਪ੍ਰੋਗਰਾਮ ਵਿਚ ਸੰਸਾਰ ਭਰ ਤੋਂ ਪੰਜਾਬੀ ਭਾਸ਼ਾ ਦੇ ਮਾਹਿਰਾਂ ਨੇ ਹਿੱਸਾ ਲੈ ਰਹੇ ਹਨ। ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਆਗਵਾਈ ਵਾਲੇ ਪਹਿਲੇ ਦਿਨ ਦੇ ਪ੍ਰੋ਼ਗਰਾਮ ਵਿਚ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਭਾਸ਼ਾ ਮਾਹਿਰ ਡਾ. ਜੋਗਾ ਸਿੰਘ ਵਿਰਕ,ਡਾ ਸੁੱਚਾ ਸਿੰਘ ਗਿੱਲ, ਅਤੇ ਹੋਰਾਂ ਨੇ ਪ੍ਰਧਾਨਗੀ ਮੰਡਲ ਵਿਚ ਹਾਜ਼ਰੀ ਲਗਵਾਈ। ਕਾਨਫ਼ਰੰਸ ਦੇ ਪਹਿਲੇ ਦਿਨ ਸੰਸਾਰ ਭਰ ਤੋਂ ਆਏ ਮਾਹਿਰਾਂ ਨੇ 6 ਖੋਜ ਪੱਤਰ ਪੇਸ਼ ਕੀਤੇ। ਇਸ ਦੌਰਾਨ ਪੰਜਾਬੀ ਦੀਆਂ ਤਰੁੱਟੀਆਂ,ਭਾਸ਼ਾਈ ਮਿਆਰ ਤੇ ਅਜੋਕੀ ਨੌਜਵਾਨੀ ਪੀੜ੍ਹੀ ਵਿਚ ਭਾਸ਼ਾ ਪ੍ਰਤੀ ਪ੍ਰੇਮ ਲਈ ਉਪਰਾਲਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਪੁੱਜੇ ਹੋਏ ਮਹਿਮਾਨਾ ਦਾ ਸਵਾਗਤ ਕਰਦਿਆਂ ਪੰਜਾਬੀ ਭਾਸ਼ਾ ਪ੍ਰਤੀ ਨਵੀਆਂ ਸਾਹਿਤਕ ਲੀਹਾਂ ਪਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਂ ਬੋਲੀ ਲਈ ਐਨੇ ਵੱਡੇ ਮਾਹਿਰਾਂ ਦਾ ਸਾਂਝੇ ਯਤਨ ਕਰਨਾ ਭਵਿੱਖ ਲਈ ਸ਼ੁੱਭ ਸੰਕੇਤ ਹੈ। ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਡਾ ਆਤਮਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਭਾਸ਼ਾ ਜਾਂ ਬੋਲੀ ਦੀ ਗੱਲ ਹੁੰਦੀ ਹੈ ਤਾਂ ਅਸੀਂ ਭਾਵੁੱਕ ਤਕਰੀਰਾਂ ਤੋਂ ਇਲਾਵਾ ਸੁਹਜ ਵਾਲੀ ਵਿਚਾਰ ਚਰਚਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਭਾਵੇਂ ਭਾਵੁਕਤਾ ਵਾਲੀਆਂ ਗੱਲਾਂ ਕੀਤੀਆਂ ਜੋ ਕਿ ਮਾਂ ਨਾਲ ਜੁੜੀਆਂ ਗੱਲਾਂ ’ਚ ਦਲੀਲਾਂ ਨਹੀਂ ਚੱਲਦੀਆਂ ਤੇ ਜਦੋਂ ਮਾਂ ਬੋਲੀ ਦੀ ਗੱਲ ਹੁੰਦਾ ਹੈ ਤਾਂ ਭਾਵੁਕਤਾ ਹੋਣਾ ਸੁਭਾਵਕ ਹੈ। ਉਨ੍ਹਾ ਕਿਹਾ ਕਿ ਜਦੋਂ ਅਸੀਂ ਮਸਲੇ ਨਜਿੱਠਣੇ ਹੋਣ ਤਾਂ ਸਾਨੂੰ ਗਿਆਨ ਸੁਹਜਮਈ ਚਿੰਤਨ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਸੁਹਜਮਈ ਚਿੰਤਨ ਦੀ ਗੱਲ ਹੋਈ ਹੈ ਇਹ ਕਾਨਫ਼ਰੰਸ ਅੰਤਰਰਾਸ਼ਟਰੀ ਪੱਧਰ ਦੀ ਛਾਪ ਛੱਡ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਰੋੜਾਂ ਪੰਜਾਬੀ ਸ਼ਾਹਮੁੱਖੀ ’ਚ ਪੰਜਾਬੀ ਪੜ੍ਹਦੇ ਹਨ ਤੇ ਚੜ੍ਹਦੇ ਪੰਜਾਬ ਵਾਲੇ ਗੁਰਮੁੱਖੀ ਵਿਚ ਇਸ ਤਰ੍ਹਾਂ ਦੋਵੇਂ ਮੁਲਕਾਂ ਦੇ ਪੰਜਾਬੀ ਕ੍ਰਮਵਾਰ ਗੁਰਮੁੱਖੀ ਤੇ ਸ਼ਾਹਮੁੱਖੀ ’ਚ ਲਿਖੇ ਸਾਹਿਤ ਨਾਲੋਂ ਟੁੱਟ ਹੋਏ ਹਨ। ਇਸ ਤੋਂ ਅਗਾਂਹ ਸਾਡੀ ਨਵੀਂ ਪੀੜ੍ਹੀ ਹੁਣ ਸੋਸ਼ਲ ਮੀਡੀਆ ’ਤੇ ਰੋਮਨ ਲਿਪੀ ਵਿਚ ਵੀ ਪੰਜਾਬੀ ਲਿਖਦੀ ਹੈ,ਇਹ ਸਾਰੇ ਮਸਲੇ ਸਵੈ-ਵਿਰੋਧ ਵਾਲੇ ਪਾਸੇ ਵਧਾਉਂਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਅਗੇ ਕਿਹਾ ਕਿ ਇਹ ਕਹਿਣਾ ਵੀ ਗ਼ਲਤ ਹੈ ਕਿ ਪੰਜਾਬੀ ਬੋਲਣ ਜਾਂ ਆਪਣੀ ਭਾਸ਼ਾ ਨਾਲ ਤਕਨੀਕੀ ਜਾਂ ਵਿਗਿਆਨਕ ਤੌਰ ’ਤੇ ਸਾਡੀ ਤਰੱਕੀ ਨਹੀਂ ਹੁੰਦੀ ਬਲਕਿ ਸਾਡੇ ਸਾਰੇ ਨੋਬੇਲ ਵਿਜੇਤਾ ਆਪਣੀ ਭਾਸ਼ਾ ਬੋਲਦੇ ਸਨ। ਇਸ ਲਈ ਮਾਂਬੋਲੀ ਵਿਕਾਸ ਤੇ ਤਕਨੀਕ ਦਾ ਮੁੱਢ ਹੈ। ਸਮਾਗਮ ਦਾ ਸ਼ੁਭ ਆਰੰਭ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੌਕੇ ‘ਤੇ ਮੈਡਮ ਰੂਪ ਕਾਹਲੋਂ ਅਤੇ ਇਸਤਰੀ ਵਿੰਗ ਦੀ ਟੀਮ ਵੱਲੋਂ “ਜੀ ਆਇਆਂ ਨੂੰ” ਗੀਤ ਰਾਹੀਂ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਸ਼ਮਾ ਰੋਸ਼ਨ ਦੀ ਰਸਮ ਸ. ਸੁਬੇਗ ਸਿੰਘ ਕਥੂਰੀਆ, ਸ. ਹਰਕਿਰਤ ਸਿੰਘ ਸੰਧੂ (ਡਿਪਟੀ ਮੇਅਰ, ਬ੍ਰੈਂਪਟਨ), ਡਾ. ਆਤਮਜੀਤ ਸਿੰਘ, ਡਾ. ਇੰਦਰਜੀਤ ਸਿੰਘ ਬੱਲ, ਡਾ. ਬਲਵਿੰਦਰ ਸਿੰਘ, ਡਾ. ਸੁੱਚਾ ਸਿੰਘ, ਸ੍ਰੀਮਤੀ ਹਰਜਿੰਦਰ ਕੌਰ (ਸਾਬਕਾ ਡਿਪਟੀ ਮੇਅਰ, ਚੰਡੀਗੜ੍ਹ), ਅਤੇ ਸਰਦਾਰਨੀ ਪ੍ਰੀਤਮ ਕੌਰ ਕਥੂਰੀਆ ਨੇ ਕੀਤੀ।



ਇਸ ਮੌਕੇ ‘ਤੇ ਡਾ. ਦਲਬੀਰ ਸਿੰਘ ਕਥੂਰੀਆ ਨੇ ਸਵਾਗਤੀ ਸ਼ਬਦ ਆਖੇ ਅਤੇ ਡਾ. ਇੰਦਰਜੀਤ ਸਿੰਘ ਬੱਲ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ। ਡਿਪਟੀ ਮੇਅਰ ਬ੍ਰੈਂਪਟਨ ਸ. ਹਰਕਿਰਤ ਸਿੰਘ ਨੇ ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭਾ ਨਵੀਂ ਪੀੜ੍ਹੀ ਨੂੰ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਨਵੀਆਂ ਪਿਰਤਾਂ ਪਾ ਰਹੀ ਹੈ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਦਲਬੀਰ ਸਿੰਘ ਕਥੂਰੀਆ, ਡਾ. ਆਤਮਜੀਤ ਸਿੰਘ ਸੰਧੂ, ਸ. ਹਰਕਿਰਤ ਸਿੰਘ, ਡਾ. ਬਲਵਿੰਦਰ ਸਿੰਘ, ਅਤੇ ਸ੍ਰੀਮਤੀ ਹਰਜਿੰਦਰ ਕੌਰ ਨੇ ਕੀਤੀ। ਇਸ ਸੈਸ਼ਨ ਵਿੱਚ ਪ੍ਰੋ. ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਬਠਿੰਡਾ ਡਾ. ਜਗਤਾਰ ਸਿੰਘ ਧੀਮਾਨ ਨੇ ‘ਪੰਜਾਬੀ ਭਾਸ਼ਾ ਦੀ ਵਿਸ਼ਵਵਿਆਪੀ ਮੌਜੂਦਗੀ ਅਤੇ ਅਜੋਕੀ ਸਥਿਤੀ’ ਵਿਸ਼ੇ ਤੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਡਾ. ਜੋਗਾ ਸਿੰਘ ਵਿਰਕ ਨੇ ‘ਪੰਜਾਬੀ ਭਾਖਿਆ ਦਾ ਕੱਲ੍ਹ, ਅੱਜ ਅਤੇ ਭਲਕ’ (ਮੁੱਖ ਸੁਰ ਭਾਸ਼ਣ) ਵਿਸ਼ੇ ‘ਤੇ ਆਪਣੀ ਖੋਜ ਪੇਸ਼ ਕੀਤੀ। ਡਾ. ਜਗਦੀਪ ਕੌਰ ਆਹੂਜਾ (ਪ੍ਰਿੰਸੀਪਲ, ਤਾਰਾ ਵਿਵੇਕ ਕਾਲਜ, ਗੱਜਣਮਾਜਰਾ) ਨੇ ‘ਪੰਜਾਬੀ, ਸਮਾਜਿਕ ਅਤੇ ਸਾਹਿਤਕ ਸੱਭਿਆਚਾਰ ਦੀ ਮੌਜੂਦਾ ਸਥਿਤੀ: ਚੁਣੌਤੀਆਂ ਅਤੇ ਸੁਝਾਅ’ ਵਿਸ਼ੇ ‘ਤੇ ਵਿਚਾਰ ਪ੍ਰਗਟਾਏ।



ਇਸੇ ਤਰ੍ਹਾਂ, ਡਾ. ਪਿੰਦਰਜੀਤ ਕੌਰ ਗਿੱਲ ਨੇ ‘ਅੱਜ ਦੇ ਵਿਸ਼ਵੀਕਰਨ ਸੰਸਾਰ ਵਿੱਚ ਮਾਤ ਭਾਸ਼ਾ ਅਤੇ ਸੱਭਿਆਚਾਰ’ ਵਿਸ਼ੇ ‘ਤੇ ਖੋਜ ਪੱਤਰ ਪੇਸ਼ ਕੀਤਾ, ਜਦਕਿ ਡਾ. ਦਰਸ਼ਨਬੀਰ ਸਿੰਘ ਅਰੋੜਾ ਨੇ ‘ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਯੋਗਦਾਨ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।



ਦੁਪਹਿਰ ਦੇ ਖਾਣੇ ਤੋਂ ਬਾਅਦ ਕਵੀ ਦਰਬਾਰ ਅਤੇ ਮੁਸ਼ਾਇਰਾ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਮੰਡਲ ਵਿੱਚ ਸ ਗੁਰਜਤਿੰਦਰ ਸਿੰਘ ਰੰਧਾਵਾ, ਸ਼ਾਇਰਾ ਤਾਹੀਰਾ, ਸੁਰਜੀਤ ਕੌਰ, ਸ੍ਰੀ ਮੋਹਿੰਦਰ ਲੂਥਰਾ ਅਤੇ ਸ ਸੁਖਦੇਵ ਸਿੰਘ ਝੰਡ ਅਤੇ ਮੈਡਮ ਕੁਲਦੀਪ ਕੌਰ ਪਾਹਵਾ ਜੀ ਵੱਲੋਂ ਕੀਤੀ ਗਈ। ਕਵੀ ਦਰਬਾਰ ਵਿੱਚ ਵੱਖ ਵੱਖ ਦੇਸ਼ਾਂ ਤੋਂ ਸ਼ਾਮਿਲ 40 ਤੋਂ ਵੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਸ ਪਰਮਜੀਤ ਸਿੰਘ ਬਿਰਦੀ, ਪ੍ਰੋ ਜੰਗੀਰ ਸਿੰਘ ਕਾਹਲੋਂ, ਹਰਦਿਆਲ ਸਿੰਘ ਝੀਤਾ, ਪੂਰਨ ਸਿੰਘ ਪਾਂਧੀ, ਕਿਰਨ ਸੰਧੂ, ਡਾ ਨਿਹਾਰਿਕਾ ਸ਼ਰਮਾ, ਮਹਿਮੂਦ ਚੋਧਰੀ, ਸੋਹਣ ਸਿੰਘ ਗੈਦੂ ਹੈਦਰਾਬਾਦ, ਸੁੰਦਰ ਪਾਲ ਰਾਜਾਸਾਂਸੀ, ਸੁਜਾਨ ਸਿੰਘ ਸੁਜਾਨ, ਰੋਬਨਦੀਪ ਕੌਰ ਸੈਣੀ, ਸੁਖਦੇਵ ਸਿੰਘ, ਸਤੀਸ਼ ਗੁਲਾਟੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ।

