ਹੁਣ ਤੱਕ ਦੀਆਂ ਪਾਕਿਸਤਾਨੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਵਿੱਚੋਂ ਨਵੀਆਂ ਪਿਰਤਾਂ ਪਾਉਣ ਵਿੱਚ ਕਾਮਯਾਬ ਰਹੀ ਲਾਹੌਰ ਦੀ ਵਿਸ਼ਵ ਪੰਜਾਬੀ ਕਾਨਫ਼ਰੰਸ (8,9,10 ਮਾਰਚ 2024)

ਵਿਸ਼ਵ ਪੱਧਰ ‘ਤੇ ਮਾਂ-ਬੋਲੀ ਪੰਜਾਬੀ ਦਾ ਪ੍ਰਚਾਰ ਅਤੇ ਪਸਾਰ ਕਰਨ ਲਈ ਪੰਜਾਬੀਆਂ ਦਾ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ: ਡਾ ਦਲਬੀਰ ਸਿੰਘ ਕਥੂਰੀਆ
ਪੰਜਾਬ ਇੰਸਟੀਚਿਊਟ ਲੈਂਗੂਏਜ਼ ਐਂਡ ਕਲਚਰਲ (ਪਿਲਾਕ), ਕਜ਼ਾਫੀ ਸਟੇਡੀਅਮ ਲਾਹੌਰ ਵਿਖੇ ਪੰਜਾਬੀ ਕੰਪਲੈਕਸ, ਪੰਜਾਬੀ ਮਹਾਜ਼ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪਾਕਿਸਤਾਨ ਚੈਪਟਰ ਦੇ ਟੀਮ ਮੈਂਬਰ ਮੀਆਂ ਆਸਿਫ਼ ਅਲੀ ਅਤੇ ਮੀਆਂ ਅਬਦੁਲ ਰਸ਼ੀਦ ਐਡਵੋਕੇਟ, ਡਾਇਰੈਕਟਰ ਪਿਲਾਕ ਡਾ. ਖ਼ਾਕਾਨ ਹੈਦਰ ਗਾਜ਼ੀ ਦੇ ਆਪਸੀ ਸਹਿਯੋਗ ਸਦਕਾ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਕਲਚਰਲ ਨੂੰ ਸਮਰਪਿਤ ਵਰਲਡ ਪੰਜਾਬੀ ਨੈਸ਼ਨਲ ਕਾਨਫ਼ਰੰਸ ਲਾਹੌਰ ਵਿਖੇ 8, 9, 10 ਮਾਰਚ, 2024 ਨੂੰ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਈ ਗਈ। ਜਿਸ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਜੀ, ਮੈਡਮ ਤੇਜਿੰਦਰ ਕੌਰ ਕਥੂਰੀਆ ਜੀ, ਸ. ਬੇਅੰਤ ਸਿੰਘ ਧਾਲੀਵਾਲ ਅਤੇ ਸ ਜਰਨੈਲ ਸਿੰਘ ਖ਼ਾਲਸਾ ਜੀ ਉਚੇਚੇ ਤੌਰ ਤੇ ਕੈਨੇਡਾ ਤੋਂ ਸ਼ਾਮਿਲ ਹੋਣ ਲਈ ਪਹੁੰਚੇ।ਇਸ ਕਾਨਫਰੰਸ ਵਿੱਚ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਤੋਂ ਇਲਾਵਾ ਚੜਦੇ-ਲਹਿੰਦੇ ਪੰਜਾਬ ਦੇ ਆਪਸੀ ਭਾਈਚਾਰਕ ਸਾਂਝਾਂ ਅਤੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਦੇ ਆਪਸੀ ਭਾਈਚਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਵਿਚਾਰ ਚਰਚਾ ਕੀਤੀ ਗਈ।ਚੜਦੇ ਪੰਜਾਬ ਤੋਂ ਲਾਹੌਰ ਵਿੱਚ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਆਏ ਪੰਜਾਬੀ ਸਾਹਿਤਕਾਰਾਂ ਨੇ ਵੀ ਇਸ ਸੰਮੇਲਨ ਵਿੱਚ ਆਪਣੀ ਹਾਜ਼ਰੀ ਲਗਵਾਈ।


ਜਿਨ੍ਹਾਂ ਵਿੱਚੋਂ ਪ੍ਰੋ ਗੁਰਭਜਨ ਗਿੱਲ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ, ਉੱਥੇ ਹੀ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਆਪਣੀ ਗਾਇਕੀ ਰਾਹੀਂ ਸੰਮੇਲਨ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।ਇਸ ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਯੂ.ਕੇ. ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਭਾਰਤ ਤੋਂ ਸ਼ਾਮਿਲ ਸ਼ਖ਼ਸੀਅਤਾਂ ਵਿੱਚੋਂ ਡਾ ਗੁਰਚਰਨ ਸਿੰਘ ਬਨਵੈਤ ਕੈਨੇਡਾ, ਸ. ਕੇਸਰ ਸਿੰਘ ਧਾਲੀਵਾਲ ਯੂ.ਕੇ, ਤ੍ਰਿਵੇਦੀ ਸਿੰਘ ਯੂ.ਕੇ, ਡਾ ਹਰਜਿੰਦਰ ਸਿੰਘ ਦਿਲਗੀਰ ਯੂ.ਕੇ, ਗੁਰਚਰਨ ਕੌਰ ਕੋਚਰ, ਅਨੀਤਾ ਸ਼ਬਦੀਸ਼ ਆਦਿ ਭਾਗ ਲਿਆ। ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਸੰਬੰਧੀ ਚਿੰਤਾਵਾਂ ਤੇ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਚੇਅਰਮੈਨ ਪੰਜਾਬ ਹਿੰਦੂ ਕੌਂਸਿਲ ਕਾਜ਼ੀ ਰਾਮ ਰਹੀਮ ਯਾਰ ਖਾਂ, ਡਾ ਕਲਿਆਣ ਸਿੰਘ, ਡਾ ਜਮੀਲ ਪਾਲ ਲਾਹੌਰ, ਡਾ ਅਮੀਰ ਜ਼ਾਹਿਰ ਭੱਟੀ ਇਸਲਾਮਾਬਾਦ, ਬੀਨਸ਼ ਫ਼ਾਤਿਮਾ, ਇਲੀਅਸ ਘੁੰਮਣ, ਸੁਹੇਲ ਮੁਮੋਕਾ, ਹੁਸੈਨ ਭੱਟੀ, ਸ਼ਆਫਤ ਅਲੀ, ਇਰਫ਼ਾਨ ਭਿੰਡਰ, ਯੂਸੁਫ਼ ਟੈਡੀ ਘੁਮਿਆਰ, ਜ਼ਫ਼ਰ ਲੁਹਾਰ, ਗਾਇਕਾ ਤੈਸ਼ੀਨ ਸਕੀਨਾ, ਬਾਬਾ ਗਰੁੱਪ ਅਤੇ ਮਸ਼ਹੂਰ ਇਕਬਾਲ ਬਾਹੂ ਦਾ ਬੇਟਾ ਇਕਬਾਲ ਕੈਸਰ, ਪੰਜਾਬੀ ਡੇਰਾ ਆਦਿ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਖ਼ੂਬ ਰੰਗ ਬੰਨ੍ਹਿਆ।ਇਸ ਸੰਮੇਲਨ ਦੌਰਾਨ ਦੇਸ਼ ਵਿਦੇਸ਼ ਤੋਂ ਸਾਹਿਤਕਾਰ, ਕਲਾਕਾਰ ਅਤੇ ਪੰਜਾਬੀ ਬੋਲੀ ਦੇ ਮੁੱਦਈ ਅਤੇ ਵੱਡੀ ਗਿਣਤੀ ਵਿੱਚ ਸਰੋਤੇ ਵੀ ਹਾਜ਼ਿਰ ਹੋਏ। ਸਮਾਗਮ ਵਿੱਚ ਸ਼ਾਮਲ ਬੁਧੀਜੀਵੀਆਂ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਭਵਿੱਖ ਵਿੱਚ ਹੋਰ ਵੀ ਵੱਧ ਚੜ੍ਹਕੇ ਕਰਵਾਉਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।ਇਸ ਸੰਮੇਲਨ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸੰਮੇਲਨ ਪ੍ਰਬੰਧਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਜੀ ਅਤੇ ਉਨ੍ਹਾਂ ਦੀ ਟੀਮ ਨੇ ਲਾਹੌਰ ਵਿੱਚ ਚੱਲ ਰਹੀ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਵੀ ਆਪਣੀ ਹਾਜ਼ਰੀ ਲਗਵਾਈ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਪੰਜਾਬੀਆਂ ਨੂੰ ਸਾਂਝੇ ਤੌਰ ਤੇ ਇੱਕ ਮੰਚ ਉਪਰ ਇਕੱਠੇ ਹੋ ਕੇ ਹੰਭਲਾ ਮਾਰਨ ਲਈ ਅਪੀਲ ਕੀਤੀ।ਉਨ੍ਹਾਂ ਨੇ ਫ਼ਖ਼ਰ ਜ਼ਮਾਨ ਜੀ ਨੂੰ ਕਾਨਫਰੰਸ ਦੀ ਸਫਲਤਾ ਲਈ ਵਧਾਈ ਵੀ ਦਿੱਤੀ।

ਅਲਹਮਰਾ ਥੀਏਟਰ ਵਿੱਚ ਚਲ ਰਹੇ ਪੰਜਾਬੀ ਕਲਚਰਲ ਸਮਾਗਮ ਵਿੱਚ ਡਾ ਦਲਬੀਰ ਸਿੰਘ ਕਥੂਰੀਆ ਜੀ ਆਪਣੀ ਟੀਮ ਨਾਲ ਸ਼ਾਮਿਲ ਹੋਏ। ਜਿੱਥੇ ਉਹਨਾਂ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਬੇਗਮ ਮਰੀਅਮ ਨਵਾਜ਼ ਸ਼ਰੀਫ਼ ਜੀ ਨੂੰ ਸਤਿਕਾਰ ਸਹਿਤ ਫੁਲਕਾਰੀ ਭੇਂਟ ਕੀਤੀ। ਉਨ੍ਹਾਂ ਦੇ ਨਾਲ ਮੈਡਮ ਤੇਜਿੰਦਰ ਕੌਰ ਕਥੂਰੀਆ ਜੀ, ਡਾ ਕਲਿਆਣ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਨੇ ਵੀ ਸ਼ਿਰਕਤ ਕੀਤੀ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਕਥੂਰੀਆ ਜੀ ਨੇ ਪਿਲਾਕ ਸਟੇਡੀਅਮ ਵਿੱਚ ਹੋਏ ਸਫ਼ਲਤਾ ਪੂਰਵਕ ਸੰਮੇਲਨ ਦੀਆਂ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ।ਇਸ ਸੰਮੇਲਨ ਦੌਰਾਨ ਹੀ ਅਗਲਾ ਸੰਮੇਲਨ ਫਰਵਰੀ 14, 15, 16 2025 ਨੂੰ ਰਹੀਮੀਆ ਖ਼ਾਨ ਵਿੱਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *