ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਧੀਆਂ ਦੇ ਤਿਉਹਾਰ ਲੋਹੜੀ ਨੂੰ ਸਮਰਪਿਤ ਰਹੀ ਪੰਜਾਬ ਦੀ ਫੇਰੀ

ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਧੀਆਂ ਦੇ ਤਿਉਹਾਰ ਲੋਹੜੀ ਨੂੰ ਸਮਰਪਿਤ ਰਹੀ ਪੰਜਾਬ ਦੀ ਫੇਰੀ

ਸਮਾਜ ਹਰ ਖੇਤਰ ਵਿੱਚ ਧੀਆਂ ਨੂੰ ਬਰਾਬਰੀ ਦਾ ਅਧਿਕਾਰ ਦੇਵੇ – ਡਾ. ਦਲਬੀਰ ਸਿੰਘ ਕਥੂਰੀਆ

ਡਾ ਦਲਬੀਰ ਸਿੰਘ ਕਥੂਰੀਆ ਨੇ ਜਿੰਨਾ ਕੰਮ ਮਾਂ-ਬੋਲੀ ਪੰਜਾਬੀ ਲਈ ਇਕ ਸਾਲ ਅੰਦਰ ਕਰ ਵਿਖਾਇਆ ਹੈ। ਅਜਿਹਾ ਕੋਈ ਹੋਰ ਨਹੀਂ ਕਰ ਸਕਿਆ- ਪ੍ਰੋ ਗੁਰਭਜਨ ਗਿੱਲ
11 ਜਨਵਰੀ ਨੂੰ ਮਨਾਇਆ ਧੀਆਂ ਦੀ ਲੋਹੜੀ ਵਜੋਂ:
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਪੁੱਤਾਂ ਦੇ ਬਰਾਬਰ ਧੀਆਂ ਦੇ ਤਿਉਹਾਰ ਵਜੋਂ ਮਨਾਇਆ ਗਿਆ। ਸਮਾਜ ਵਿੱਚ ਅੱਜ ਵੀ ਧੀਆਂ ਨਾਲੋਂ ਪੁੱਤਾਂ ਨੂੰ ਅੱਗੇ ਸਮਝਿਆ ਜਾਂਦਾ ਹੈ ਜਿਸ ਕਰਕੇ ਸਮਾਜ ਵਿੱਚ ਔਰਤ ਮਰਦ ਵਿਚਕਾਰਲਾ ਪਾੜਾ ਖ਼ਤਮ ਨਹੀਂ ਹੋ ਰਿਹਾ। ਅਜੌਕੇ ਸਮੇਂ ਸਮਾਜ ਦੀ ਇਹ ਸੋਚ ਬਦਲਣ ਦੀ ਲੋੜ ਹੈ।ਇਸ ਲਈ ਸਾਨੂੰ ਧੀ ਪੁੱਤਰ ਨੂੰ ਇੱਕੋ ਸਮਾਨਾਂਤਰ ਮੌਕੇ ਦੇਣ ਦੀ ਲੋੜ ਹੈ।ਜਿਸ ਨਾਲ ਧੀਆਂ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਸੁਪਨੇ ਪੂਰੇ ਕਰ ਸਕਣ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਤੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਰਹਿਨੁਮਾਈ ਹੇਠ “ਧੀਆਂ ਦੀ ਲੋਹੜੀ” ਮਨਾਈ ਗਈ ਜੋ ਕਿ ਸਮਾਜ ਵਿਚ ਲੜਕੀਆਂ ਨੂੰ ਬਰਾਬਰ ਅਧਿਕਾਰ ਦੇਣ ਲਈ ਬਹੁਤ ਵੱਡਾ ਉਪਰਾਲਾ ਹੈ। ਸਭਾ ਅਤੇ ਸਿੱਖਿਆ ਵਿਭਾਗ ਵੱਲੋਂ ਰਾਏਕੋਟ ਪ੍ਰਾਇਮਰੀ ਬਲਾਕ ਸਿੱਖਿਆ ਦਫ਼ਤਰ ਵਿੱਚ 11 ਨਵ-ਜੰਮੀਆਂ ਧੀਆਂ ਨੂੰ ਮੂੰਗਫਲੀ, ਗੱਚਕ, ਰਿਓੜੀਆਂ, ਕੰਬਲ, ਨਗਦ ਸ਼ਗਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਵਿਖੇ ਬਜ਼ੁਰਗਾਂ ਨਾਲ ਲੋਹੜੀ ਮਨਾਈ ਗਈ।ਚਾਰ ਨਵਜੰਮੀਆਂ ਧੀਆਂ ਨੂੰ ਮੂੰਗਫਲੀ, ਗੱਚਕ, ਰਿਓੜੀਆਂ, ਕੰਬਲ, ਨਗਦ ਸ਼ਗਨ ਦੇ ਕੇ ਸਨਮਾਨਿਤ ਕੀਤਾ ਗਿਆ।


ਹੁਣ ਇਹੋ ਹੋਕਾ ਦੇਣ ਦੀ ਲੋੜ ਹੈ, “ਧੀਆਂ ਦਾ ਸਤਿਕਾਰ ਕਰੀਏ।ਪੁੱਤਰਾਂ ਵਾਂਗ ਪਿਆਰ ਕਰੀਏ।” ਭਾਰਤ ਪ੍ਰਧਾਨ ਰਾਏਕੋਟੀ
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਸਮੁੱਚੀ ਟੀਮ ਨੇ 11 ਜਨਵਰੀ ਦਿਨ ਵੀਰਵਾਰ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਵੀ 10 ਨਵਜੰਮੀਆਂ ਧੀਆਂ ਨੂੰ 5100 ਸ਼ਗਨ ਵਜੋਂ ਦੇ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ ਨਾਲ ਹੀ ਆਦਰਸ਼ ਫ਼ਾਰਮ ਹਾਊਸ ਵਿਖੇ ਦੁਪਹਿਰ 2 ਵਜੇ ਤੋਂ ਬਾਅਦ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਸਥਾਪਨਾ (07.01.2024) ਦਿਨ ਉੱਤੇ ਕੇਕ ਕੱਟ ਕੇ ਪਹਿਲੀ ਵਰ੍ਹੇਗੰਢ ਵੀ ਮਨਾਈ ਗਈ।ਇਸ ਮੌਕੇ ਤੇ ਸਤਿਕਾਰਯੋਗ ਪਰਿਵਾਰਿਕ ਮੈਂਬਰਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸ਼ਾਮਿਲ ਹੋ ਕੇ ਖੁਸ਼ੀ ਸਾਂਝੀ ਕੀਤੀ । ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਰਪ੍ਰਸਤ ਪ੍ਰੋ ਗੁਰਭਜਨ ਗਿੱਲ ਨੇ ਕਿਹਾ ਕਿ ਸਭਾ ਨੇ ਇੱਕ ਸਾਲ ਵਿੱਚ ਹੀ ਅਹਿਮ ਕੰਮ ਕੀਤੇ ਹਨ ਜੋਕਿ ਕਿਸੇ ਵੀ ਸਭਾ ਨੇ ਕਈ ਸਾਲਾਂਬੱਧੀ ਨਹੀਂ ਕਰ ਸਕੀਆਂ।ਪ੍ਰੋ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਸਤਿਕਾਰਯੋਗ ਕਰਨੈਲ ਸਿੰਘ ਪਾਰਸ ਤੋਂ ਬਾਅਦ ਡਾ ਦਲਬੀਰ ਸਿੰਘ ਕਥੂਰੀਆ ਹੀ ਅਜਿਹੀ ਸ਼ਖ਼ਸੀਅਤ ਨੇ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਲਈ ਇੰਨਾ ਕਾਰਜ ਇਕ ਸਾਲ ਅੰਦਰ ਕਰ ਵਿਖਾਇਆ ਹੈ। ਉਨ੍ਹਾਂ ਨੇ ਸਭਾ ਦੀ ਸਮੁੱਚੀ ਟੀਮ ਨੂੰ ਕੀਤੇ ਗਏ ਕਾਰਜਾਂ ਲਈ ਵਧਾਈ ਵੀ ਦਿੱਤੀ।


ਸਭਾ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਅਤੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਸਭਨਾਂ ਨੂੰ ਮੂੰਗਫਲੀ ,ਗੱਚਕ ਅਤੇ ਰਿਓੜੀਆਂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।

Leave a Reply

Your email address will not be published. Required fields are marked *